Home » Lok Masle » ਪਿੰਡ ਤਰਖਾਣਵਾਲਾ ‘ਚ ਅਨਾਜ ਮੰਡੀ ਅਤੇ ਖੇਡ ਮੈਦਾਨ ਨੂੰ ਲੈ ਕੇ ਵਧੀ ਖਿੱਚੋਤਾਣੀ-ਨੌਜੁਆਨ ਤੇ ਪਿੰਡ ਵਾਸੀ ਆਹਮੋ-ਸਾਹਮਣੇ

ਪਿੰਡ ਤਰਖਾਣਵਾਲਾ ‘ਚ ਅਨਾਜ ਮੰਡੀ ਅਤੇ ਖੇਡ ਮੈਦਾਨ ਨੂੰ ਲੈ ਕੇ ਵਧੀ ਖਿੱਚੋਤਾਣੀ-ਨੌਜੁਆਨ ਤੇ ਪਿੰਡ ਵਾਸੀ ਆਹਮੋ-ਸਾਹਮਣੇ

News Portal Development Companies In India

ਰਾਮਾਂ ਮੰਡੀ, 16 ਸਤੰਬਰ (ਯੰਗ ਪੀਡੀਆ ਨਿਊਜ਼)ਪਿੰਡ ਤਰਖਾਣਵਾਲਾ ਵਿਖੇ ਪੁਰਾਣੀ ਅਨਾਜ ਮੰਡੀ ਅਤੇ ਖੇਡ ਮੈਦਾਨ ਦੀ ਜਗ੍ਹਾ ਦੀ ਚੋਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਖਿੱਚੋਤਾਣੀ ਵੱਧਦੀ ਜਾ ਰਹੀ ਹੈ। ਪਿੰਡ ਦੇ ਵਿਕਾਸ ਅਤੇ ਸਹੂਲਤਾਂ ਨੂੰ ਲੈ ਕੇ ਸ਼ੁਰੂ ਹੋਇਆ ਇਹ ਵਿਵਾਦ ਹੁਣ ਚਰਚਾ ਦਾ ਮੁੱਖ ਵਿਸ਼ਾ ਬਣਿਆ ਹੋਇਆ ਹੈ।ਪਿੰਡ ਦੇ ਨੌਜੁਆਨਾਂ ਦੇ ਇੱਕ ਧੜੇ ਦਾ ਕਹਿਣਾ ਹੈ ਕਿ ਪੁਰਾਣੀ ਅਨਾਜ ਮੰਡੀ ਵਾਲੀ ਥਾਂ ‘ਤੇ ਖੇਡ ਮੈਦਾਨ ਬਣਾਇਆ ਜਾਵੇ ਤਾਂ ਜੋ ਪਿੰਡ ਦੇ ਗੱਭਰੂਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾ ਸਕੇ। ਨੌਜੁਆਨਾਂ ਦਾ ਕਹਿਣਾ ਹੈ ਕਿ ਉਹ ਅਨਾਜ ਮੰਡੀ ਨੂੰ ਪਿੰਡ ਦੀ ਇੱਕ ਹੋਰ ਖਾਲੀ ਪਈ ਥਾਂ ‘ਤੇ ਤਬਦੀਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਨੌਜੁਆਨਾਂ ਨੇ ਦੂਜੀ ਧਿਰ ‘ਤੇ ਦੋਸ਼ ਲਗਾਇਆ ਹੈ ਕਿ ਉਹ ਖੇਡ ਮੈਦਾਨ ਅਤੇ ਨਵੀਂ ਮੰਡੀ ਦੇ ਨਿਰਮਾਣ ਕਾਰਜਾਂ ਵਿੱਚ ਬਿਨਾਂ ਵਜ੍ਹਾ ਅੜਿੱਕਾ ਡਾਹ ਰਹੇ ਹਨ। ਉਨ੍ਹਾਂ ਮੁਤਾਬਕ ਖੇਡ ਮੈਦਾਨ ਬਣਨ ਨਾਲ ਨੌਜੁਆਨਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦਾ ਮੌਕਾ ਮਿਲੇਗਾ ਅਤੇ ਉਹ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿਣਗੇ।

ਦੂਜੇ ਪਾਸੇ, ਦੂਜੀ ਧਿਰ ਨੇ ਨੌਜੁਆਨਾਂ ਦੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਮੌਜੂਦਾ ਅਨਾਜ ਮੰਡੀ ਨੂੰ ਉੱਥੇ ਹੀ ਰੱਖਣ ਦੇ ਪੱਖ ਵਿੱਚ ਤਰਕ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਅਨਾਜ ਮੰਡੀ ਪਿੰਡ ਦੇ ਬਿਲਕੁਲ ਨੇੜੇ ਹੈ ਅਤੇ ਇਸ ਦੇ ਨਾਲ ਹੀ ਪਿੰਡ ਦਾ ਗੁਰਦੁਆਰਾ ਸਾਹਿਬ ਸਥਿਤ ਹੈ। ਗੁਰੂਘਰ ਨੇੜੇ ਹੋਣ ਕਰਕੇ ਮੰਡੀ ‘ਚ ਆਉਣ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਖਾਣ-ਪੀਣ ਦੀ ਕੋਈ ਸਮੱਸਿਆ ਨਹੀਂ ਆਉਂਦੀ ਅਤੇ ਉਨ੍ਹਾਂ ਲਈ ਲੰਗਰ-ਪਾਣੀ ਦੀ ਸਹੂਲਤ ਬਣੀ ਰਹਿੰਦੀ ਹੈ। ਜੇਕਰ ਅਨਾਜ ਮੰਡੀ ਨੂੰ ਕਿਸੇ ਹੋਰ ਥਾਂ ਤਬਦੀਲ ਕੀਤਾ ਜਾਂਦਾ ਹੈ ਤਾਂ ਉਹ ਪਿੰਡ ਤੋਂ ਕਾਫੀ ਦੂਰ ਚਲੀ ਜਾਵੇਗੀ, ਜਿਸ ਨਾਲ ਫ਼ਸਲ ਵੇਚਣ ਆਉਣ ਵਾਲੇ ਕਿਸਾਨਾਂ ਅਤੇ ਢੋਆ-ਢੁਆਈ ਕਰਨ ਵਾਲੇ ਮਜ਼ਦੂਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।ਦੋਵਾਂ ਧਿਰਾਂ ਦੇ ਆਪਣੇ-ਆਪਣੇ ਤਰਕ ਹੋਣ ਕਰਕੇ ਪਿੰਡ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਇੱਕ ਪਾਸੇ ਜਿੱਥੇ ਨੌਜੁਆਨ ਖੇਡਾਂ ਦੇ ਭਵਿੱਖ ਲਈ ਅੜੇ ਹੋਏ ਹਨ ਉੱਥੇ ਹੀ ਕਿਸਾਨ ਅਤੇ ਮਜ਼ਦੂਰ ਆਪਣੀਆਂ ਸਹੂਲਤਾਂ ਨੂੰ ਧਿਆਨ ‘ਚ ਰੱਖਦੇ ਹੋਏ ਪੁਰਾਣੀ ਮੰਡੀ ਨੂੰ ਹੀ ਬਰਕਰਾਰ ਰੱਖਣਾ ਚਾਹੁੰਦੇ ਹਨ। ਪਿੰਡ ਵਾਸੀਆਂ ਦੀ ਮੰਗ ਹੈ ਕਿ ਪ੍ਰਸ਼ਾਸਨ ਅਤੇ ਪੰਚਾਇਤ ਇਸ ਮਸਲੇ ਵਿੱਚ ਦਖ਼ਲ ਦੇ ਕੇ ਕੋਈ ਸਰਬਪ੍ਰਵਾਨਿਤ ਹੱਲ ਕੱਢੇ ਤਾਂ ਜੋ ਪਿੰਡ ਦਾ ਭਾਈਚਾਰਾ ਵੀ ਬਣਿਆ ਰਹੇ ਅਤੇ ਵਿਕਾਸ ਕਾਰਜ ਵੀ ਨਾ ਰੁਕਣ।

Leave a Comment

Will the middle class get relief from the first general budget of Modi 3.0?