Home » State » ਕਿਸਾਨ ਜਥੇਬੰਦੀਆਂ ਦਾ ਪੱਕਾ ਮੋਰਚਾ ਚੌਥੇ ਦਿਨ ਵਿੱਚ ਸ਼ਾਮਿਲ

ਕਿਸਾਨ ਜਥੇਬੰਦੀਆਂ ਦਾ ਪੱਕਾ ਮੋਰਚਾ ਚੌਥੇ ਦਿਨ ਵਿੱਚ ਸ਼ਾਮਿਲ

News Portal Development Companies In India

ਬਠਿੰਡਾ, 2 ਸਤੰਬਰ (ਗੁਰਸੇਵਕ ਸਿੰਘ ਚੁੱਘੇ ਖੁਰਦ ) ਆਮ ਆਦਮੀ ਪਾਰਟੀ ਦੀ ਸਰਕਾਰ ਜਿੱਥੇ ਆਮ ਲੋਕਾਂ ਦੇ ਨਾਲ ਵੱਡੇ ਵੱਡੇ ਵਾਅਦੇ ਕਰਕੇ ਰਾਜ ਗੱਦੀ ਤੇ ਪਹੁੰਚੀ ਸੀ ਉੱਥੇ ਕਿਸਾਨਾਂ ਨਾਲ ਵੀ ਬਹੁਤ ਜ਼ੋਰ ਨਾਲ ਇਹ ਵਾਅਦਾ ਕੀਤਾ ਸੀ ਕਿ ਵਾਤਾਵਰਨ ਪੱਖੀ ਕਿਸਾਨਾਂ ਮਜ਼ਦੂਰਾਂ ਪੱਖੀ ਅਸੀਂ ਖੇਤੀ ਨੀਤੀ ਲੈ ਕੇ ਆਵਾਂਗੇ ਪਰ ਸਾਢੇ ਚਾਰ ਸਾਲ ਤੋਂ ਉੱਪਰ ਬੀਤਣ ਦੇ ਬਾਵਜੂਦ ਵੀ ਹਾਲੇ ਤੱਕ ਖੇਤੀ ਨੀਤੀ ਲਾਗੂ ਤਾਂ ਕੀ ਕਰਨੀ ਸੀ ਉਹਦਾ ਕੱਚਾ ਖਰੜਾ ਵੀ ਜਨਤਕ ਕਰਵਾਉਣ ਵਾਸਤੇ ਪਿਛਲੇ ਸਾਲਾਂ ਅੰਦਰ ਕਿਸਾਨਾਂ ਮਜ਼ਦੂਰਾਂ ਨੇ ਚੰਡੀਗੜ੍ਹ ਦੇ ਅੰਦਰ ਮੋਰਚੇ ਲਾ ਕੇ ਜਨਤਕ ਕਰਵਾਇਆ ਸੀ। ਅੱਜ ਕਿਸਾਨਾਂ ਮਜ਼ਦੂਰਾਂ ਦੀਆਂ ਭੱਖਦੀਆਂ ਮੰਗਾਂ ਲਈ ਡੀਸੀ ਦਫ਼ਤਰ ਅੱਗੇ ਚੱਲ ਰਹੇ ਪੱਕੇ ਕਿਸਾਨ ਮੋਰਚੇ ਚ ਅੱਜ ਚੌਥੇ ਦਿਨ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਹਰਿੰਦਰ ਕੌਰ ਬਿੰਦੂ ਅਤੇ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਗੱਦੀ ਤੇ ਬਹਿੰਦਿਆਂ ਸਾਰ ਭਗਵੰਤ ਮਾਨ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਕਿਸਾਨਾਂ ਦੇ ਸੁਝਾਅ ਵੀ ਮੰਗੇ ਤੇ ਵਾਅਦਾ ਵੀ ਕੀਤਾ ਅਤੇ ਖੇਤੀ ਮਾਹਰਾਂ ਤੋਂ ਇਹ ਖੇਤੀ ਨੀਤੀ ਦਾ ਖਰੜਾ ਤਿਆਰ ਵੀ ਕਰਵਾਇਆ। ਉਹਨਾਂ ਕਿਹਾ ਕਿ ਸਾਡੇ ਸੁਝਾਵਾਂ ਨੂੰ ਵਿੱਚ ਦਰਜ ਤਾਂ ਕੀ ਕਰਨਾ ਸੀ ਸਰਕਾਰ ਨੇ ਆਪਦੇ ਹੁਕਮਾਂ ਤੇ ਬਣਾਈ ਹੋਈ ਖੇਤੀ ਨੀਤੀ ਵੀ ਲਾਗੂ ਨਹੀਂ ਕੀਤੀ। ਉਹਨਾਂ ਕਿਹਾ ਕਿ ਸਾਡੇ ਦੇਸ਼ ਦੇ ਹਾਕਮਾਂ ਵੱਲੋਂ ਲੋਕ ਵਿਰੋਧੀ ਸ਼ਾਮਰਾਜੀ ਨੀਤੀਆਂ ਲਾਗੂ ਕਰਨ ਦੀ ਧੁੱਸ ਕਾਰਨ ਸਰਕਾਰ ਦੁਆਰਾ ਆਪਣੀ ਬਣਾਈ ਹੋਈ ਵੀ ਕਿਸਾਨ, ਮਜਦੂਰ,ਖੇਤੀ ਅਤੇ ਵਾਤਾਵਰਨ ਪੱਖੀ ਖੇਤੀ ਨੀਤੀ ਬਣਾ ਕੇ ਲਾਗੂ ਨਹੀਂ ਕੀਤੀ ਜਾ ਰਹੀ ਜੋ ਕਿਸਾਨਾਂ, ਮਜ਼ਦੂਰਾਂ ਦੀ ਆਰਥਿਕਤਾ ਅਤੇ ਵਾਤਾਵਰਨ ਨੂੰ ਕੁਝ ਰਾਹਤ ਦਿੰਦੀ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਸਰਕਾਰ ਦੀਆਂ ਇਹਨਾਂ ਨੀਤੀਆਂ ਕਾਰਨ ਇਕੱਲੇ ਕਿਸਾਨ ਨਹੀਂ ਮਜ਼ਦੂਰ ਵੀ ਨਪੀੜੇ ਜਾ ਰਹੇ ਹਨ। ਮਜ਼ਦੂਰਾਂ ਸਿਰ ਲਗਾਤਾਰ ਕਰਜ਼ਾ ਵੱਧਦਾ ਜਾ ਰਿਹਾ ਹੈ। ਰੁਜ਼ਗਾਰ ਦੇ ਮੌਕੇ ਸੁੰਘੜ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਖਜ਼ਾਨੇ ਦਾ ਮੂੰਹ ਕਿਸਾਨਾਂ ਮਜ਼ਦੂਰਾਂ ਵੱਲ ਖੋਲਣ ਦੀ ਬਜਾਏ ਵੱਡੇ ਸਰਮਾਏਦਾਰਾਂ ਨੂੰ ਛੋਟਾਂ ਦੇ ਰਹੀ ਹੈ। ਉਨਾਂ ਇਸ ਸਬੰਧੀ ਉਦਾਹਰਨ ਦਿੰਦੇ ਕਿਹਾ ਕਿ ਇੱਕ ਸ਼ਰਮਾਏਦਾਰ ਸੁਭਾਸ਼ ਚੰਦਰਾ ਦਾ 22006.5 ਕਰੋੜ ਦਾ ਕਰਜ਼ਾ ਸਿਰਫ 6.5 ਕਰੋੜ ਵਿੱਚ ਹੀ ਨਿਬੇੜਨ ਦਾ ਫੈਸਲਾ ਦੇ ਕੇ ਉਸਨੂੰ ਸਿੱਧੀ 22 ਹਜਾਰ ਕਰੋੜ ਰੁਪਏ ਦੀ ਰਾਹਤ ਦੇਣ ਦੀ ਕੋਸਿਸ ਜਾ ਰਹੀ ਹੈ। ਜਦੋਂ ਕਿ ਕਿਸਾਨਾਂ ਮਜ਼ਦੂਰਾਂ ਨੂੰ ਦੇਣ ਵਾਸਤੇ ਸਰਕਾਰ ਦੇ ਕਹਿਣ ਮੁਤਾਬਕ ਧੇਲਾ ਨਹੀਂ ਹੈ।ਬੁਲਾਰਿਆਂ ਨੇ ਮੰਗ ਕੀਤੀ ਕਿ ਭਾਰਤ ਵਿਸ਼ਵ ਵਪਾਰ ਸੰਸਥਾ ਤੋਂ ਬਾਹਰ ਆਵੇ, ਅਮਰੀਕਾ ਭਾਰਤ ਸਮਝੌਤਾ ਵਾਰਤਾ ਰੱਦ ਕੀਤੀ ਜਾਵੇ, ਸਾਰੀਆਂ ਫਸਲਾਂ ਤੇ C2 ਫਾਰਮੂਲੇ ਤਹਿਤ ਐਮ ਐਸ ਪੀ ਤੇ ਸਰਕਾਰੀ ਖਰੀਦ ਦੀ ਕਾਨੂੰਨੀ ਗਰੰਟੀ ਕਰੇ, ਵੱਖ ਵੱਖ ਅਦਾਰਿਆਂ ਤੇ ਖੇਤੀ ਨਾਲ ਸਬੰਧਿਤ ਨਿੱਜੀਕਰਨ ਦੇ ਲਿਆਂਦੇ ਜਾ ਰਹੇ ਕਾਨੂੰਨ ਅਤੇ ਬਿੱਲ ਰੱਦ ਕੀਤੇ ਜਾਣ, ਪਾਣੀਆਂ ਤੇ ਵਿਸਵ ਵਪਾਰ ਸੰਸਥਾ ਦਾ ਕਬਜ਼ਾ ਕਰਾਉਣਾ ਬੰਦ ਕੀਤਾ ਜਾਵੇ ਅਤੇ ਕੌਮਾਂਤਰੀ ਕਾਨੂੰਨਾਂ ਮੁਤਾਬਿਕ ਭਾਈਚਾਰਕ ਸਾਂਝ ਕਾਇਮ ਰੱਖਦਿਆਂ ਪਾਣੀਆਂ ਦੇ ਮਸਲੇ ਹੱਲ ਕੀਤੇ ਜਾਣ,ਪੰਜਾਬ ਸਰਕਾਰ ਲੈਂਡ ਪੂਲਿੰਗ ਦੀ ਨੀਤੀ ਦੁਬਾਰਾ ਲਿਆਉਣ ਦੀਆਂ ਕੋਸ਼ਿਸ਼ਾਂ ਬੰਦ ਕਰੇ ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਜੇ ਸਰਕਾਰ ਨੇ ਇਸੇ ਤਰ੍ਹਾਂ ਹੀ ਮੁਜਰਮਾਨਾ ਚੁੱਪ ਵੱਟੀ ਰੱਖੀ ਤਾਂ 5 ਸਤੰਬਰ ਨੂੰ ਸਰਕਾਰ ਤੇ ਦਾਬ ਵਧਾਉਣ ਵਾਲਾ ਐਕਸ਼ਨ ਕੀਤਾ ਜਾਵੇਗਾ ਇਸ ਲਈ ਬੁਲਾਰਿਆਂ ਨੇ ਸਮੂਹ ਲੋਕਾਂ ਨੂੰ ਪੰਜ ਸਤੰਬਰ ਨੂੰ ਵੱਡੀ ਗਿਣਤੀ ਦੇ ਵਿੱਚ ਮੋਰਚਿਆਂ ਵਿੱਚ ਇਕੱਠ ਵਧਾਉਣ ਦਾ ਸੱਦਾ ਦਿੱਤਾ । ਅੱਜ ਦੇ ਇਕੱਠ ਨੂੰ ਕਰਮਜੀਤ ਕੌਰ ਲਹਿਰਾਖਾਨਾ, ਮਾਲਣ ਕੌਰ ਕੋਠਾ ਗੁਰੂ, ਕਰਮਜੀਤ ਕੌਰ ਜਿਉਂਦ,ਅਵਤਾਰ ਸਿੰਘ ਪੂਹਲਾ, ਜਸਕਰਨ ਸਿੰਘ ਕੋਟਗੁਰੂ, ਗੁਰਮੇਲ ਸਿੰਘ ਢੱਡੇ, ਗੁਲਾਬ ਸਿੰਘ ਜਿਉਂਦ ਨੇ ਵੀ ਸੰਬੋਧਨ ਕੀਤਾ । ਲੋਕ ਪੱਖੀ ਗਾਇਕ ਹਰਬੰਸ ਸਿੰਘ ਘਣੀਆਂ ਅਤੇ ਪਿਆਰਾ ਸਿੰਘ ਜਿਉਂਦ ਨੇ ਗੀਤ ਪੇਸ਼ ਕੀਤੇ।

Leave a Comment

Will the middle class get relief from the first general budget of Modi 3.0?