
ਤਲਵੰਡੀ ਸਾਬੋ 01 ਸਤੰਬਰ (ਅੰਮ੍ਰਿਤ ਮਲਕਾਣਾ ) ਕੁਲ ਹਿੰਦ ਕਾਂਗਰਸ ਕਮੇਟੀ ਪ੍ਰਧਾਨ ਮੱਲਿਕਾ ਅਰਜੁਨ ਖੜਗੇ ਦੀ ਜਨ ਸਭਾ ਉਪਰੰਤ ਸਟੇਜ ਦੇ ਸ਼ੁੱਧੀਕਰਨ ਕੀਤੇ ਜਾਣ ਉਪਰੰਤ ਉਪਜੇ ਵਿਵਾਦ ਦਰਮਿਆਨ ਉਤਰਾਖੰਡ ‘ਚ ਕਾਂਗਰਸ ਦੇ ਕੌਮੀ ਆਗੂ ਤੇ ਲੋਕ ਸਭਾ ’ਚ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ਼ ਕਰਨ ਦੇ ਵਿਰੋਧ ਵਜੋਂ ਕਾਂਗਰਸ ਦੇ ਹਲਕਾ ਇੰਚਾਰਜ ਰਹੇ ਮਰਹੂਮ ਖੁਸ਼ਬਾਜ ਸਿੰਘ ਜਟਾਣਾ ਧੜੇ ਦੇ ਆਗੂਆਂ ਨੇ ਅੱਜ ਤਲਵੰਡੀ ਸਾਬੋ ਦੇ ਨਿਸ਼ਾਨ ਏ ਖਾਲਸਾ ਚੌਂਕ ‘ਚ ਕੇਂਦਰ ਸਰਕਾਰ ਦਾ ਪੁਤਲਾ ਫੂਕਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਪੁਤਲਾ ਫੂਕਣ ਉਪਰੰਤ ਗੱਲਬਾਤ ਕਰਦਿਆਂ ਬਲਾਕ ਕਾਂਗਰਸ ਕਮੇਟੀ ਰਾਮਾਂ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ ਮਾਨਵਾਲਾ,ਨਗਰ ਕੌਂਸਲ ਤਲਵੰਡੀ ਸਾਬੋ ਦੇ ਸਾਬਕਾ ਕਾ.ਪ੍ਰਧਾਨ ਹਰਬੰਸ ਸਿੰਘ ਤੇ ਟਰੱਕ ਯੂਨੀਅਨ ਸਾਬਕਾ ਪ੍ਰਧਾਨ ਅਵਤਾਰ ਮੈਨੂੰਆਣਾ ਨੇ ਕਿਹਾ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾ ਅਰਜੁਨ ਖੜਗੇ ਦੀ ਜਨ ਸਭਾ ਉਪਰੰਤ ਉਨਾਂ ਦੀ ਸਟੇਜ ਦਾ ਸ਼ੁੱਧੀਕਰਨ ਕਰਨ ਦੇ ਨਾਂ ਤੇ ਧਾਰਮਿਕ ਆਯੋਜਨ ਕਰਕੇ ਭਾਜਪਾ ਆਗੂਆਂ ਨੇ ਇਹ ਦਰਸਾ ਦਿੱਤਾ ਕਿ ਉਨ੍ਹਾਂ ਦੀ ਸੋਚ ਦਲਿਤ ਵਿਰੋਧੀ ਹੈ।ਆਗੂਆਂ ਕਿਹਾ ਕਿ ਜਦੋਂ ਇਸ ਕਾਰਵਾਈ ਦਾ ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਨੇ ਵਿਰੋਧ ਪ੍ਰਗਟਾਇਆ ਤਾਂ ਉੱਤਰਾਖੰਡ ਦੇ ਹਲਦਵਾਨੀ ਵਿਖੇ ਉਨ੍ਹਾਂ ਖਿਲਾਫ ਮਾਮਲਾ ਦਰਜ਼ ਕਰ ਦਿੱਤਾ ਗਿਆ ਜੋਕਿ ਲੋਕਤਾਂਤਰਿਕ ਪ੍ਰਕ੍ਰਿਆ ਨਾਲ ਕੋਝਾ ਮਜ਼ਾਕ ਹੈ ਅਤੇ ਸੰਵਿਧਾਨ ਦੇ ਬਿਲਕੁਲ ਉਲਟ ਹੈ।ਆਗੂਆਂ ਨੇ ਕਿਹਾ ਕਿ ਚਾਹੀਦਾ ਤਾਂ ਇਹ ਹੈਕਿ ਸਟੇਜ ਸ਼ੁੱਧੀਕਰਨ ਦੇ ਨਾਂ ਤੇ ਗੈਰਸੰਵਿਧਾਨਿਕ ਕਾਰਜ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ਼ ਹੁੰਦਾ ਪਰ ਹੋ ਉਲਟ ਰਿਹੈ।ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਕਾਂਗਰਸ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪੁਤਲਾ ਫੂੁਕ ਕੇ ਵਿਰੋਧ ਦਰਜ਼ ਕਰਵਾਇਐ ਤੇ ਜੇਕਰ ਮਾਮਲਾ ਰੱਦ ਨਾ ਹੋਇਆ ਤਾਂ ਜ਼ੋਰਦਾਰ ਸੰਘਰਸ਼ ਵਿੱਢਾਂਗੇ।
ਪ੍ਰਦਰਸ਼ਨ ਦੌਰਾਨ ਭਰਪੂਰ ਸਿੰਘ ਕੌਂਸਲਰ,ਜਸਕਰਨ ਸਿੰਘ ਗੁਰੂਸਰ ਸਾਬਕਾ ਪ੍ਰਧਾਨ ਟਰੱਕ ਯੁੂਨੀਅਨ,ਜਗਤਾਰ ਸਿੰਘ ਨੰਗਲਾ,ਜਗਦੇਵ ਸਿੰਘ ਜੋਗੇਵਾਲਾ ਮੈਂਬਰ ਬਲਾਕ ਸੰਮਤੀ,ਸੰਜੀਵ ਕੁਮਾਰ ਲੱਕੀ,ਸ਼ੁਭਮ ਸੈਨੀ,ਰਣਧੀਰ ਸਿੰਘ ਗੋਗਾ ਸਾਬਕਾ ਕੌਂਸਲਰ,ਸਮੁੰਦਾ ਗਿੱਲ ਸਾਬਕਾ ਪ੍ਰਧਾਨ ਕੋ.ਸੁਸਾਇਟੀ,ਨਾਨਕ ਸ਼ੇਖਪੁਰਾ,ਮਨਜੀਤ ਸਿੰਘ ਭਾਗੀਵਾਂਦਰ,ਲੀਲਾ ਸਿੰਘ ਮਾਹੀਨੰਗਲ ਸਾਬਕਾ ਸਰਪੰਚ,ਮਹਿੰਦਰਪਾਲ ਸ਼ਰਮਾਂ,ਦਲਜੀਤ ਲੇਲੇਵਾਲਾ,ਗੁਰਪਿਆਰ ਸਿੰਘ ਤਲਵੰਡੀ,ਬਲਵੀਰ ਸੋਚੀ ਗਿਆਨਾ ਆਦਿ ਆਗੂ ਮੌਜੁੂਦ ਸਨ।









