
ਫੋਟੋ ਕੈਪਸ਼ਨ:ਡਰੋਨ ਸ਼ੋਅ ਸਬੰਧੀ ਸਮੀਖਿਆ ਮੀਟਿੰਗ ਕਰਦੇ ਐੱਸ.ਡੀ.ਐੱਮ ਵੀਰਪਾਲ ਕੌਰ
ਤਲਵੰਡੀ ਸਾਬੋ 31 ਅਗਸਤ (ਅੰਮ੍ਰਿਤ ਮਲਕਾਣਾ ) ਪੰਜਾਬ ਸਰਕਾਰ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜ਼ਿਲ੍ਹਾ ਬਠਿੰਡਾ ਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਵਿਚ ਵਿਸ਼ੇਸ਼ ਡਰੋਨ ਸ਼ੋਅ ਕਰਵਾਏ ਜਾ ਰਹੇ ਹਨ।ਇਸੇ ਲੜੀ 1 ਸਤੰਬਰ ਨੂੰ ਸ਼ਾਮ 5:30 ਵਜੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਸ਼੍ਰੀ ਦਸ਼ਮੇਸ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਹੋਣ ਵਾਲੇ ਡਰੋਨ ਸ਼ੋਅ ਦੀਆਂ ਤਿਆਰੀਆਂ ਸਬੰਧੀ ਅੱਜ ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਸ਼੍ਰੀਮਤੀ ਵੀਰਪਾਲ ਕੌਰ ਨੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ।
ਮੀਟਿੰਗ ਉਪਰੰਤ ਜਾਰੀ ਪ੍ਰੈੱਸ ਬਿਆਨ ਰਾਹੀਂ ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਸ਼੍ਰੀਮਤੀ ਵੀਰਪਾਲ ਕੌਰ ਨੇ ਦੱਸਿਆ ਕਿ ਲਗਭਗ 500 ਡਰੋਨ ਇਕੋ ਸਮੇਂ ਅਸਮਾਨ ਵਿਚ ਉੱਡ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਬਾਣੀ ਅਤੇ ਮਹਾਨ ਸਿੱਖਿਆਵਾਂ ਉਤੇ ਅਧਾਰਤ ਪੇਸ਼ਕਾਰੀ ਦੇਣਗੇ।ਜਾਣਕਾਰੀ ਮੁਤਾਬਿਕ ਮੀਟਿੰਗ ਦੌਰਾਨ ਐੱਸ.ਡੀ.ਐੱਮ ਨੇ ਪੁਲਿਸ ਅਧਿਕਾਰੀਆਂ ਨੂੰ ਸੁਰੱਖਿਆ, ਆਵਾਜਾਈ ਪ੍ਰਬੰਧਾਂ ਅਤੇ ਪਾਰਕਿੰਗ ਵਿਵਸਥਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ।ਉਨ੍ਹਾਂ ਨੇ ਸ਼ੋਅ ਦੇਖਣ ਲਈ ਆਉਣ ਵਾਲੇ ਲੋਕਾਂ ਲਈ ਪੀਣ ਵਾਲੇ ਸਾਫ਼ ਪਾਣੀ ਦਾ ਪ੍ਰਬੰਧ, ਬੈਠਣ ਦੀ ਵਿਵਸਥਾ, ਸਕੂਲ ਮੈਦਾਨ ਦੀ ਸਾਫ਼-ਸਫ਼ਾਈ, ਬਿਜਲੀ ਦੀ ਨਿਰਵਿਘਨ ਸਪਲਾਈ ਆਦਿ ਦੇ ਨਿਰਦੇਸ਼ ਵੀ ਦਿੱਤੇ।
ਐੱਸ.ਡੀ.ਐੇੱਮ ਸ੍ਰੀਮਤੀ ਵੀਰਪਾਲ ਕੌਰ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਇਸ ਡਰੋਨ ਸ਼ੋਅ ਦਾ ਅਨੰਦ ਜ਼ਰੂਰ ਮਾਨਣ।









