Home » ਧਰਮ » ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਖ਼ਾਲਸਾਈ ਜਾਹੋ-ਜਲਾਲ ਨਾਲ਼ ਮਨਾਇਆ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ

ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਖ਼ਾਲਸਾਈ ਜਾਹੋ-ਜਲਾਲ ਨਾਲ਼ ਮਨਾਇਆ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ

News Portal Development Companies In India

“ਨਵੀਂ ਪੀੜ੍ਹੀ ਨੂੰ ਬਾਣੀ ਨਾਲ਼ ਜੋੜਨ ਲਈ ਪਿੰਡ-ਪਿੰਡ ਉਲੀਕੇ ਜਾਣ ਪਾਠ ਬੋਧ ਸਮਾਗਮ” -ਜਥੇ:ਬਾਬਾ ਟੇਕ ਸਿੰਘ

ਤਲਵੰਡੀ ਸਾਬੋ 30 ਅਗਸਤ (ਅੰਮ੍ਰਿਤ ਮਲਕਾਣਾ ) ਯੁਗੋ-ਯੁੱਗ ਅਟੱਲ ਸਾਹਿਬ ਸ਼੍ਰੀ ਗਰੂ ਗ੍ਰੰਥ ਸਾਹਿਬ ਜੀ ਦਾ 320ਵਾਂ ‘ਸੰਪੂਰਨਤਾ ਦਿਵਸ’ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਅਲੌਕਿਕ ਸ਼ਰਧਾ, ਭਾਵਨਾ ਅਤੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਗਿਆ।ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਵਿਸ਼ਾਲ ਧਾਰਮਿਕ ਸਮਾਗਮਾਂ ‘ਚ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਜਦੋਂਕਿ ਸਕੂਲੀ ਬੱਚਿਆਂ ਵੱਲੋਂ ਸਿੱਖ ਇਤਿਹਾਸ ਨਾਲ਼ ਸਬੰਧਿਤ ਲਗਾਈ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ ਰਹੀ।

ਸਮਾਗਮ ਦੀ ਆਰੰਭਤਾ ਅੰਮ੍ਰਿਤ ਵੇਲੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਸੰਪੂਰਨ ਭੋਗ ਨਾਲ ਹੋਈ।ਇਸ ਉਪਰੰਤ ਸਰਬੱਤ ਦੇ ਭਲੇ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਦੀ ਸੇਵਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਨਿਭਾਈ ਗਈ।ਸਮਾਗਮ ਦੌਰਾਨ ਹਜ਼ੂਰੀ ਰਾਗੀ ਭਾਈ ਨਿਰਭੈ ਸਿੰਘ ਦੇ ਜਥੇ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ਼ ਜੋੜਿਆ।ਭਾਈ ਆਲਮ ਸਿੰਘ ਮੁੱਖ ਕਥਾਵਾਚਕ ਨੇ ਸੰਗਤਾਂ ਨੂੰ ਪਾਵਨ ਹੁਕਮਨਾਮਾ ਸਰਵਣ ਕਰਵਾਇਆ, ਜਦਕਿ ਵਧੀਕ ਮੁੱਖ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਇਤਿਹਾਸ ਨਾਲ ਸੰਗਤਾਂ ਨੂੰ ਇਸ ਦਿਨ ਦੀ ਮਹੱਤਤਾ ਤੋਂ ਜਾਣੂ ਕਰਵਾਇਆ।
ਅੰਮ੍ਰਿਤ ਵੇਲੇ ਦੇ ਪਾਵਨ ਹੁਕਮਨਾਮੇ ਦੀ ਕਥਾ ਕਰਦਿਆਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਉਨ੍ਹਾਂ ਆਪਣੇ ਪ੍ਰਭਾਵਸ਼ਾਲੀ ਸੰਦੇਸ਼ ਵਿੱਚ ਕਿਹਾ ਕਿ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਅਮਲੀ ਜੀਵਨ ਵਿੱਚ ਢਾਲ ਕੇ ਹੀ ਅਸੀਂ ਇੱਕ ਅਰੋਗ ਅਤੇ ਸੋਚਵਾਨ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।ਗੁਰੂ ਕਾਸ਼ੀ ਗੁਰਮਤਿ ਵਿਦਿਆਲਾ ਦੇ ਵਿਦਿਆਰਥੀਆਂ ਨੇ ਤੰਤੀ ਸਾਜ਼ਾਂ ਨਾਲ਼ ਕੀਰਤਨ ਕਰਦਿਆਂ ਸੰਗਤਾਂ ਨੂੰ ਮੰਤਰਮੁਗਧ ਕਰ ਦਿੱਤਾ।
ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ, ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਅਤੇ ਅਹਿਮ ਜ਼ਰੂਰਤ ਇਹ ਹੈ ਕਿ ਅਸੀਂ ਆਪਣੇ ਕੋਮਲ-ਚਿੱਤ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਅਮੀਰ ਵਿਰਸੇ ਨਾਲ਼ ਜੋੜੀਏ।
ਉਨ੍ਹਾਂ ਨੇ ਸੰਗਤਾਂ ਅਤੇ ਪ੍ਰਬੰਧਕਾਂ ਨੂੰ ਵਿਸ਼ੇਸ਼ ਅਪੀਲ ਕਰਦਿਆਂ ਕਿਹਾ ਕਿ ਹਰ ਘਰ ਵਿੱਚ ਬੱਚਿਆਂ ਨੂੰ ਗੁਰਬਾਣੀ ਦੀ ਸ਼ੁੱਧ ਸੰਥਿਆ ਦਵਾਈ ਜਾਵੇ ਤਾਂ ਜੋ ਉਹ ਬਾਣੀ ਦੇ ਸ਼ੁੱਧ ਉਚਾਰਨ ਅਤੇ ਅਰਥਾਂ ਤੋਂ ਜਾਣੂ ਹੋ ਸਕਣ।ਉਨ੍ਹਾਂ ਕਿਹਾ ਕਿ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਵਿਸ਼ੇਸ਼ ‘ਪਾਠ ਬੋਧ ਸਮਾਗਮ’ ਉਲੀਕੇ ਜਾਣ, ਤਾਂ ਜੋ ਗੁਰਮਤਿ ਪ੍ਰਚਾਰ ਦੀ ਲਹਿਰ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਸਕੇ ਅਤੇ ਨਵੀਂ ਪੀੜ੍ਹੀ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਮੋੜਨ ਲਈ ਗੁਰੂ ਸਾਹਿਬ ਦੇ ਸਿਧਾਂਤ ਹੀ ਸਭ ਤੋਂ ਵੱਡਾ ਓਟ-ਆਸਰਾ ਹਨ।ਸਿੰਘ ਸਾਹਿਬ ਨੇ ਕਿਹਾ ਕਿ ਅੱਜ ਅਸੀਂ ਧੁਰ ਕੀ ਬਾਣੀ ਕਲਯੁਗੀ ਜਹਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਮਨਾ ਰਹੇ ਹਾਂ ਇਹ ਬਾਣੀ ਸਾਨੂੰ ਜਬਰ ਅਤੇ ਜ਼ੁਲਮ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਸਿਖਾਉਂਦੀ ਹੈ ਤੇ ਸਾਡੇ ਬੰਦੀ ਸਿੰਘ ਲੰਮੇ ਸਮੇਂ ਤੋਂ ਜੇਲ੍ਹਾਂ ‘ਚ ਬੰਦ ਹਨ ਸਾਨੂੰ ਇੱਕ ਜੁੱਟ ਹੋ ਕੇ ਉਨ੍ਹਾਂ ਨੂੰ ਰਿਹਾਅ ਕਰਵਾਉਣ ਲਈ ਵੀ ਸੰਘਰਸ਼ ਕਰਨਾ ਚਾਹੀਦਾ ਹੈ
ਸਮਾਗਮਾਂ ਦੌਰਾਨ ਗੁਰਪ੍ਰੀਤ ਸਿੰਘ ਝੱਬਰ ਅੰਤ੍ਰਿਗ ਮੈਂਬਰ ਸ਼੍ਰੋਮਣੀ ਕਮੇਟੀ,ਬਾਬਾ ਬੂਟਾ ਸਿੰਘ ਮੈਂਬਰ,ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ,ਜਗਸੀਰ ਸਿੰਘ ਮਾਂਗੇਆਣਾ ਮੈਂਬਰ,ਬੀਬੀ ਜਸਪਾਲ ਕੌਰ,ਸੁਰਜੀਤ ਸਿੰਘ ਰਾਇਪੁਰ ਚਾਰੇ ਮੈਂਬਰ ਸ਼੍ਰੋਮਣੀ ਕਮੇਟੀ,ਬਿੰਦਰ ਸਿੰਘ ਖ਼ਾਲਸਾ,ਪ੍ਰਕਾਸ਼ ਸਿੰਘ ਸਾਹੁਵਾਲਾ,ਅੰਮ੍ਰਿਤਪਾਲ ਸਿੰਘ ਤਿੰਨੇ ਮੈਂਬਰ ਹਰਿਆਣਾ ਗੁ. ਪ੍ਰ. ਕਮੇਟੀ,ਸੁਖਮਿੰਦਰ ਸਿੰਘ ਸਕੱਤਰ ਵਿੱਦਿਆ,ਨਰਿੰਦਰਜੀਤ ਸਿੰਘ ਮੈਨੇਜਰ ਤਖ਼ਤ ਸ਼੍ਰੀ ਦਮਦਮਾ ਸਾਹਿਬ,ਭੋਲਾ ਸਿੰਘ ਇੰਚਾਰਜ ਧਰਮ ਪ੍ਰਚਾਰ ਸਬ ਆਫਿਸ,ਰਵਿੰਦਰ ਸਿੰਘ ਖਾਲਸਾ ਪ੍ਰਿੰਸੀਪਲ ਗੁਰਮਤਿ ਵਿਦਿਆਲਾ,ਗੁਰਸੇਵਕ ਸਿੰਘ ਕਿੰਗਰਾ,ਮਨਦੀਪ ਸਿੰਘ ਮਾਖਾ,ਗੁਰਦੇਵ ਸਿੰਘ ਸੰਧੂ,ਗੁਰਚਰਨ ਸਿੰਘ ਜੀਦਾ ਸਾਰੇ ਮੀਤ ਮੈਨੇਜ਼ਰ,ਬਾਬਾ ਪ੍ਰੀਤਮ ਸਿੰਘ ਮੱਲੜੀ ਵਾਲੇ,ਬਾਬਾ ਦਰਸ਼ਨ ਸਿੰਘ ਦਾਦੂ ਵਾਲ ਆਦਿ ਸ਼ਾਮਿਲ ਹੋਏ।
ਫੋਟੋ ਨੰ:2
ਫੋਟੋ ਕੈਪਸ਼ਨ: ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਜਥੇਦਾਰ ਬਾਬਾ ਟੇਕ ਸਿੰਘ ਤੇ ਤੰਤੀ ਸਾਜ਼ਾਂ ਨਾਲ਼ ਕੀਰਤਨ ਕਰਦੇ ਵਿਦਿਆਰਥੀ

Leave a Comment

Will the middle class get relief from the first general budget of Modi 3.0?